ਰਹਿਤ ਮਰਯਾਦਾ
ਸਿੱਖ ਰਹਿਤ ਮਰਿਯਾਦਾ ਪੰਥਕ ਵਿਦਵਾਨਾਂ ਦੁਆਰਾ ਨਿਯਤ ਕੀਤਾ ਗਿਆ ਅਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਜਨਰਲ ਬੌਡੀ ਦੀ ਮਾਨਤਾ ਤੋਂ ਬਾਅਦ ਇਸ ਦੁਆਰਾ ਪ੍ਰਕਾਸ਼ਿਤ ਅਧਿਕਾਰਿਤ ਸਿੱਖ ਆਚਾਰ-ਵਿਹਾਰ ਹੈ,ਸਿੱਖ ਰਹਿਤ ਮਰਿਯਾਦਾ ਨੂੰ ਇਕ ਬਹੁਮੁੱਲੇ ਮਾਰਗ-ਦਰਸ਼ਕ ਵਜੋਂ ਹੀ ਨਹੀਂ, ਬਲਕਿ ਸਿੱਖ ਆਚਾਰ-ਵਿਹਾਰ ਲਈ ਇਕ ਪ੍ਰਮਾਣਿਤ ਕਨੂੰਨ ਵਜੋਂ ਵੀ ਦੇਖਿਆ ਜਾਂਦਾ ਹੈ,ਸਿੱਖ ਰਹਿਤ ਮਰਿਯਾਦਾ ਅਨੁਸਾਰ ਹਰ ਸਿੱਖ ਨੂੰ ਰੋਜ਼ਾਨਾ ਗੁਰਬਾਣੀ ਪੜ੍ਹਨਾ (ਸਿਮਰਨ ਕਰਨਾ) ਜਰੂਰੀ ਹੈ। ਇਸ ਵਿਚ, ਧਾਰਮਿਕ ਸੰਸਕਾਰ ਕਿਵੇਂ ਕੀਤੇ ਜਾਣ, ਇਸਤਰੀਆਂ ਦੀ ਇਨ੍ਹਾਂ ਸੰਸਕਾਰਾਂ ਵਿਚ ਹਿੱਸੇਦਾਰੀ ਅਤੇ ਅਰਥਹੀਣ ਕਰਮ-ਕਾਂਡਾਂ ਦੇ ਖੰਡਨ ਬਾਰੇ ਦਿਸ਼ਾ-ਨਿਰਦੇਸ਼ ਹਨ। ਸਿੱਖਾਂ ਨੂੰ ਸ਼ਰਾਬ ਜਾਂ ਕੋਈ ਵੀ ਨਸ਼ਾ ਨਾ ਕਰਨ ਦਾ ਨਿਰਦੇਸ਼ ਹੈ। ਸਿੱਖਾਂ ਨੂੰ ਆਪਣੇ ਨਜ਼ਦੀਕੀ ਲੋਕਾਂ ਲਈ ਨਿਰ-ਇੱਛਤ ਸੇਵਾ ਕਰਨੀ ਚਾਹੀਦੀ ਹੈ ਅਤੇ ਪ੍ਰਮਾਤਮਾ ਅੱਗੇ ਨਿਰਮਾਣਤਾ ਪ੍ਰਗਟ ਕਰਨੀ ਹੈ। ਜੂਏ, ਵਿਭਚਾਰ ਅਤੇ ਦੂਜੇ ਧਰਮਾਂ ਦੇ ਪੈਰੋਕਾਰਾਂ ਪ੍ਰਤੀ ਪੱਖ-ਪਾਤੀ ਰਵੱਈਏ ਦੀ ਸਖਤ ਮਨਾਹੀ ਹੈ। ਕੁਲ ਮਿਲਾ ਕੇ ਮੰਤਵ ਇਹ ਹੈ ਕਿ ਸਭ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ ਜਾਵੇ।
ਸਿੱਖਇਜ਼ਮ.ਕੌਮ ਵੈਬਸਾਈਟ ’ਤੇ ਆਉਣ ਵਾਲੇ ਲੋਕਾਂ ਦੁਆਰਾ ਸਿੱਖ ਰਹਿਤ ਮਰਿਯਾਦਾ ਸੰਬੰਧੀ ਜੋ 3 ਮੁੱਖ ਪ੍ਰਸ਼ਨ ਪੁੱਛੇ ਗਏ ਹਨ, ਉਨ੍ਹਾਂ ਬਾਰੇ ਵਿਚਾਰ ਇਸ ਤਰ੍ਹਾਂ ਹਨ:
ਸਿੱਖ ਰਹਿਤ ਮਰਿਯਾਦਾ ਦੇ ਕਈ ਪ੍ਰਕਾਰ (ਰੂਪਾਂਤਰ) ਕਿਉਂ ਹਨ ?
ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਸਾਖੀ ਨੂੰ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਸ਼ਾਬਦਿਕ ਰੂਪ ਵਿਚ ਰਹਿਤ ਮਰਿਯਾਦਾ ਦੀ ਵਿਆਖਿਆ ਕਰ ਦਿੱਤੀ ਸੀ। ਸਾਡੇ ਕੋਲ ਗੁਰੂ ਜੀ ਵਲੋਂ ਰਹਿਤ ਮਰਿਯਾਦਾ ਸੰਬੰਧੀ ਨਿਯਮਿਤ ਰੂਪ ਵਿਚ ਲਿਖਿਤ ਦਿਸ਼ਾ-ਨਿਰਦੇਸ਼ ਉਪਲਬਧ ਨਹੀਂ ਹਨ। ਫਿਰ ਵੀ, ਕਈ ਸਿੱਖਾਂ, ਗੁਰੂ ਜੀ ਦੇ ਸਮਕਾਲੀਆਂ ਜਾਂ ਉਨ੍ਹਾਂ ਦੇ ਵੰਸ਼ਜਾਂ ਨੇ ਖਾਲਸੇ ਦੁਆਰਾ ਅਪਣਾਈ ਜਾਣ ਵਾਲੀ ਜੀਵਨ-ਸ਼ੈਲੀ ਬਾਰੇ ਆਪਣੇ ਵਿਚਾਰ ਜਾਂ ਦਿਸ਼ਾ-ਨਿਰਦੇਸ਼ ਲਿਖੇ ਹਨ। ਜਦੋਂ ਇਨ੍ਹਾਂ ਲਿਖਤਾਂ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਇਹ ਸਾਰੀਆਂ ਇਕ-ਦੂਜੇ ਦਾ (ਸਿੱਧੇ ਜਾਂ ਅਸਿੱਧੇ ਤੌਰ ’ਤੇ) ਖੰਡਨ ਕਰਦੀਆਂ ਹਨ। ਕੁਝ ਥਾਵਾਂ ’ਤੇ ਤਾਂ ਇਹ ਗੁਰਮਤ ਦੇ ਸਿਧਾਂਤਾਂ (ਗੁਰੂ ਗ੍ਰੰਥ ਸਾਹਿਬ ਜੀ ਵਿਚ ਸਥਾਈ ਤੌਰ ’ਤੇ ਦਰਜ ਪ੍ਰਮਾਣਿਤ ਗੁਰਬਾਣੀ) ਦੇ ਵਿਰੁੱਧ ਵੀ ਜਾਂਦੀਆਂ ਹਨ। ਇਸ ਲਈ, ਸਿੱਖ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਰਹਿਤਨਾਮਿਆਂ ਦੇ ਕੁਝ ਹਿੱਸੇ ਉਨ੍ਹਾਂ ਦੇ ਵਾਸਤਵਿਕ ਲੇਖਕਾਂ ਦੁਆਰਾ ਨਹੀਂ ਲਿਖੇ ਗਏ, ਬਲਕਿ ਉਹ ਬਾਦ ਵਿਚ ਸੰਸ਼ੋਧਨ ਕਰਕੇ ਬਦਲ ਦਿੱਤੇ ਗਏ।
ਇਸ ਤਰ੍ਹਾਂ, ਬਾਅਦ ਦੇ ਅੰਮ੍ਰਿਤ-ਸੰਚਾਰਾਂ ਵਿਚ ਖਾਲਸਾ-ਪੰਥ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਜਦੋਂ ਰਹਿਤ ਦੀ ਵਿਆਖਿਆ ਕੀਤੀ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ਾਬਦਿਕ ਰੂਪ ਵਿਚ ਦਿੱਤੇ ਦਿਸ਼ਾ-ਨਿਰਦੇਸ਼ਾਂ ਵਿਚ ਅਣਜਾਣੇ ਹੀ ਤਬਦੀਲੀਆਂ ਕਰ ਦਿੱਤੀਆਂ ਗਈਆਂ। ਸਕੂਲਾਂ ਵਿਚ ਕੀਤੇ ਇਕ ਮਸ਼ਹੂਰ ਪ੍ਰਯੋਗ ਅਨੁਸਾਰ, ਜੇ ਇਕ ਵਿਦਿਆਰਥੀ ਕਿਸੇ ਹੋਰ ਵਿਦਿਆਰਥੀ ਦੇ ਕੰਨ ਵਿਚ ਕੋਈ ਵਾਕ ਹੌਲੀ ਜਿਹੀ ਕਹੇ, ਤੇ ਉਹ ਵਿਦਿਆਰਥੀ ਫਿਰ ਕਿਸੇ ਹੋਰ ਦੇ ਕੰਨ ਵਿਚ, ਇਸ ਤਰ੍ਹਾਂ ਉਸ ਜਮਾਤ ਵਿਚ ਆਖਰੀ ਵਿਦਿਆਰਥੀ ਤੱਕ ਪਹੁੰਚਦੇ-ਪਹੁੰਚਦੇ ਉਸ ਵਾਕ ਦਾ ਅਸਲ ਮਤਲਬ ਹੀ ਬਦਲ ਜਾਂਦਾ ਹੈ। ਪਰ ਰਹਿਤ ਮਰਿਯਾਦਾ ਦੇ ਮਾਮਲੇ ਵਿਚ ਤਾਂ ਹਰੇਕ ਨਵੇਂ ਅੰਮ੍ਰਿਤਧਾਰੀ ਨੂੰ ਕੇਵਲ ਇਕ ਵਾਕ ਨਹੀਂ, ਬਲਕਿ ਸਿੱਖ ਸਿਧਾਂਤਾਂ ਅਤੇ ਇਕ ਵਿਸ਼ੇਸ਼ ਜੀਵਨ ਸ਼ੈਲੀ ਦੇ ਗਿਆਨ ਨੂੰ ਸਮਝਣਾ ਅਤੇ ਦੁਹਰਾਉਣਾ ਹੁੰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਵੱਖ-ਵੱਖ ਲੋਕ ਰਹਿਤ ਮਰਿਆਦਾ ਦੇ ਆਪਣੇ ਹੀ ਨਵੇਂ-ਨਵੇਂ ਭਾਵ-ਅਰਥ ਕੱਢਦੇ, ਜਦ ਕਿ ਇਹ ਸਭ ਅਣਜਾਣੇ ਹੀ ਹੁੰਦਾ ਸੀ। ਜਦੋਂ ਲੋਕਾਂ ਨੇ ‘ਦੂਜਿਆਂ ਨਾਲੋਂ ਜ਼ਿਆਦਾ ਉੱਤਮ ਅਤੇ ਸੁੱਚੀ ਰਹਿਤ ਮਰਿਯਾਦਾ’ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰਹਿਤ ਮਰਿਯਾਦਾ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹੋਣਗੀਆਂ।
ਇਨ੍ਹਾਂ ਹਾਲਾਤਾਂ ਨੂੰ ਪਿਛਲੇ ਕੁਝ ਵਰ੍ਹਿਆਂ ਦੇ ਸਿੱਖ-ਇਤਿਹਾਸ ਵਿਚ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਗਿਆ। 18ਵੀਂ ਸਦੀ ਦੌਰਾਨ, ਮੁਗਲ-ਹਕੂਮਤ ਨੇ ਖਾਲਸੇ ਨੂੰ ਮੁਕਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਅੰਮ੍ਰਿਤਧਾਰੀਆਂ ਨੂੰ ਮੁਗਲ ਫੌਜਾਂ ਦੇ ਦਬਾਅ ਕਾਰਨ ਗੁਰਦੁਆਰੇ ਛੱਡ ਕੇ ਜੰਗਲਾਂ ਵਿਚ ਟਿਕਾਣਾ ਬਣਾਉਣਾ ਪਿਆ। ਇਹ ਹਾਲਾਤ 50 ਸਾਲ ਤੋਂ ਵੀ ਵੱਧ ਸਮੇਂ ਤਕ ਜਾਰੀ ਰਹੇ। ਇਸ ਸਮੇਂ ਦੌਰਾਨ ਗੁਰਦੁਆਰਿਆਂ ਦੇ ਸੰਚਾਲਕ ਸਹਿਜਧਾਰੀ ਸਿੱਖ (ਅਣਕੱਟੇ ਕੇਸਾਂ ਵਾਲੇ ਖਾਲਸੇ ਤੋਂ ਅਲੱਗ ਦੂਜੇ ਸਿੱਖ) ਸਨ। ਇਸ ਤੋਂ ਬਾਅਦ ਗੁਰਦੁਆਰਿਆਂ ਦੀ ਦੇਖ-ਰੇਖ ਮਹੰਤਾਂ ਦੇ ਹੱਥਾਂ ਵਿਚ ਚਲੀ ਗਈ, ਜੋ ਕਿ ਗੁਰਦੁਆਰਿਆਂ ਦੇ ਖਾਨਦਾਨੀ ਨਿਗਰਾਨ ਬਣ ਗਏ। ਉਨ੍ਹਾਂ ਨੇ ਗੁਰਦੁਆਰਿਆਂ ਵਿਚ ਕਈ ਹਿੰਦੂ ਰੀਤੀ-ਰਿਵਾਜਾਂ ਦੀ ਪ੍ਰਥਾ ਚਲਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਵੀ ਰਹਿਤ ਮਰਿਯਾਦਾ ਨੂੰ ਦੂਜੇ ਧਰਮਾਂ ਦੇ ਪ੍ਰਭਾਵ ਹੇਠੋਂ ਕੱਢਣ ਦੀ ਕੋਈ ਕੋਸ਼ਿਸ਼ ਨਾ ਕੀਤੀ ਗਈ।
ਇਹ ਸਿਰਫ ਅੰਗ੍ਰੇਜ਼ੀ ਰਾਜ ਦੌਰਾਨ ਹੀ ਸੀ ਕਿ ਸਿੱਖਾਂ ਨੇ, ਜੋ ਕਿ ਹਰ ਤਰ੍ਹਾਂ ਦੀ ਰਾਜਨੀਤਕ ਸ਼ਕਤੀ ਗੁਆ ਚੁੱਕੇ ਸਨ, ਆਪਣੇ ਭਵਿੱਖ ਲਈ ਧਾਰਮਿਕ ਸਿਧਾਂਤਾਂ ਤੋਂ ਸੇਧ ਲੈਣ ਦੀ ਸੋਚੀ। ਪਿਛਲੇ 100 ਸਾਲਾਂ ਵਿਚ ਮਹੰਤਾਂ ਦੇ ਅਧੀਨ ਗੁਰਦੁਆਰਾ ਪ੍ਰਬੰਧ ਇਸ ਹੱਦ ਤਕ ਨਿੱਘਰ ਚੁੱਕਿਆ ਸੀ ਕਿ ਆਪਣੀ ਆਮਦਨੀ ਵਧਾਉਣ ਲਈ ਉਨ੍ਹਾਂ ਨੇ ਗੁਰਦੁਆਰਿਆਂ ਵਿਚ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਸ਼ੁਰੂ ਕਰ ਦਿੱਤੀ, ਜਿਸ ਦੀ ਸਿੱਖਾਂ ਨੂੰ ਸਖਤ ਮਨਾਹੀ ਸੀ, ਪਰ ਇਸ ਨੇ ਬਹੁਤ ਸਾਰੇ ਹਿੰਦੂਆਂ ਨੂੰ ਗੁਰਦੁਆਰੇ ਆਉਣ ਲਈ ਆਕਰਸ਼ਿਤ ਕੀਤਾ। ਗੁਰਦੁਆਰਿਆਂ ਵਿਚ ਕੋਈ ਵੀ ਨਿਯਮ-ਕਾਨੂੰਨ ਨਾ ਰਿਹਾ ਅਤੇ ਉੱਥੇ ਆਉਣ ਵਾਲੀਆਂ ਔਰਤਾਂ ਨੂੰ ਤੰਗ ਕੀਤਾ ਜਾਣ ਲੱਗਾ, ਇੱਥੋਂ ਤਕ ਕਿ ਕਈਆਂ ਦੀ ਬੇਪਤੀ ਵੀ ਕੀਤੀ ਜਾਣ ਲੱਗੀ। ਮਹੰਤਾਂ ਦੇ ਇਸ ਅਧਰਮੀ ਅਤੇ ਅਨੈਤਿਕ ਵਿਵਹਾਰ ਨੇ ਗੁਰਦਵਾਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ।
ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ, ਦੋਨਾਂ ਨੇ ਇਸ ਲਹਿਰ ਦਾ ਸਮਰਥਨ ਕੀਤਾ। ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੇ ਮਹੰਤਾਂ ਦੁਆਰਾ ਉਨ੍ਹਾਂ ’ਤੇ ਥੋਪੇ ਗਏ ਸਿੱਖ-ਵਿਰੋਧੀ ਅਤੇ ਗੈਰ-ਸਿੱਖ ਕਰਮ-ਕਾਂਡਾਂ ਦਾ ਵਿਰੋਧ ਕੀਤਾ। ਅੰਗ੍ਰੇਜ਼ੀ ਰਾਜ ਨੇ ਸਿੱਖਾਂ ਨੂੰ, ਜੋ ਕਿ ਅੰਗ੍ਰੇਜ਼ਾਂ ਦੁਆਰਾ ਹਿੰਦੁਸਤਾਨ ਨੂੰ ਇਕ ਨੌਆਬਾਦੀ ਵਜੋਂ ਕਾਬਜ ਰੱਖਣ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਸਨ, ਕਮਜ਼ੋਰ ਕਰਨ ਲਈ ਮਹੰਤਾਂ ਦੀ ਪੂਰੀ ਮਦਦ ਕੀਤੀ। ਇਕ ਲੰਬੇ ਸੰਘਰਸ਼ ਅਤੇ ਭਾਰੀ ਜਾਨੀ ਅਤੇ ਮਾਲੀ ਨੁਕਸਾਨਾਂ ਬਾਅਦ ਸਿੱਖ 1925 ਵਿਚ ਆਪਣੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਵਾਪਿਸ ਆਪਣੇ ਹੱਥਾਂ ਵਿਚ ਲੈਣ ਵਿਚ ਸਫਲ ਹੋਏ। ਉਨ੍ਹਾਂ ਨੇ ਜਿਹੜਾ ਸਭ ਤੋਂ ਪਹਿਲਾ ਅਤੇ ਅਹਿਮ ਕਦਮ ਚੁੱਕਿਆ, ਉਹ ਸੀ ਸਾਰੇ ਸਿੱਖਾਂ ਦੁਆਰਾ ਅਪਣਾਈ ਜਾਣ ਵਾਲੀ ਸਿੱਖ ਰਹਿਤ ਮਰਿਯਾਦਾ ਨੂੰ ਲਿਖਤੀ ਰੂਪ ਵਿਚ ਨਿਯਤ ਕਰਨ ਲਈ ਇਕ ਕਮੇਟੀ ਦੀ ਨਿਯੁਕਤੀ। ਸਿੱਖ ਸੰਗਤਾਂ ਵਿਚ ਆਦਰ-ਮਾਣ ਹਾਸਿਲ ਕਰਨ ਵਾਲੇ ਕਈ ਪ੍ਰਮੁੱਖ ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਦੇ ਸਹਿਯੋਗ ਨਾਲ ਇਸ ਕਮੇਟੀ ਨੇ ਲਗਭਗ ਇਕ ਸਾਲ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਾਰੇ ਉਪਲਬਧ ਗ੍ਰੰਥਾਂ ਅਤੇ ਲਿਖਤਾਂ ਦਾ ਸੂਖਮ ਨਿਰੀਖਣ ਕੀਤਾ। ਅੰਤ ਵਿਚ ਉਨ੍ਹਾਂ ਨੇ ਆਪਣੀ ਘੋਖ ਦੇ ਨਤੀਜੇ ਸਾਰਿਆਂ ਸ੍ਹਾਮਣੇ ਵਿਸ਼ਲੇਸ਼ਣ ਅਤੇ ਸੁਧਾਰ ਲਈ ਪੇਸ਼ ਕੀਤੇ। ਸਿੱਖ ਸਮਾਜ ਦੇ ਹਰ ਹਿੱਸੇ, ਜਿਨ੍ਹਾਂ ਵਿਚ 20 ਤੋਂ ਵੀ ਜ਼ਿਆਦਾ ਸਿੱਖ ਜਥੇਬੰਦੀਆਂ ਅਤੇ ਦੇਸਾਂ-ਪਰਦੇਸਾਂ ਤੋਂ ਕਈ ਵਿਦਵਾਨ ਵੀ ਸ਼ਾਮਿਲ ਸਨ, ਦੇ ਵਿਚਾਰ ਜਾਨਣ ਤੋਂ ਬਾਅਦ ਸਿੱਖ ਰਹਿਤ ਮਰਿਯਾਦਾ ਦੇ ਅੰਤਮ ਰੂਪ ਨੂੰ ਗੁਰਦੁਆਰਾ ਕਮੇਟੀ, ਅੰਮ੍ਰਿਤਸਰ ਦੁਆਰਾ ਪ੍ਰਵਾਨਿਤ ਅਤੇ ਪ੍ਰਕਾਸ਼ਿਤ ਕੀਤਾ ਗਿਆ। ਇਹ ਹੀ ਉਹ ਕਿਤਾਬਚਾ ਹੈ ਜਿਸ ਵਿਚ ਦਿੱਤੇ ਦਿਸ਼ਾਂ-ਨਿਰਦੇਸ਼ਾਂ ਦੀ ਸਾਨੂੰ ਆਪਣੇ ਕਿਸੇ ਜ਼ਾਤੀ ਅਲੱਗ ਵਿਚਾਰਾਂ ਦੇ ਹੋਣ ਦੇ ਬਾਵਜੂਦ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਸੇ ਦਾ ਪ੍ਰਸਾਰ ਕਰਨਾ ਚਾਹੀਦਾ ਹੈ।
ਸਿੱਖਾਂ ਦੇ ਧਾਰਮਿਕ ਮਾਮਲਿਆਂ ਸੰਬੰਧੀ ਸਰਬ-ਉੱਚ ਸ਼ਕਤੀ ‘ਅਕਾਲ ਤਖਤ’ ਦੁਆਰਾ ਪ੍ਰਵਾਨਿਤ ਰਹਿਤ ਮਰਿਯਾਦਾ ਕੇਵਲ ਐਸ. ਜੀ. ਪੀ. ਸੀ. ਦੁਆਰਾ ਪ੍ਰਕਾਸ਼ਿਤ ਰਹਿਤ ਮਰਿਯਾਦਾ ਹੀ ਹੈ। ਦੂਜੇ ਸ਼ਬਦਾਂ ਵਿਚ, ਕੇਵਲ ਐਸ. ਜੀ. ਪੀ. ਸੀ. ਦੁਆਰਾ ਪ੍ਰਕਾਸ਼ਿਤ ਰਹਿਤ ਮਰਿਯਾਦਾ ਹੀ ਅਧਿਕ੍ਰਿਤ ਹੈ, ਬਾਕੀ ਸਭ ਅਣ-ਅਧਿਕ੍ਰਿਤ ਹਨ। ਸਿੱਖਇਜ਼ਮ.ਕੌਮ ‘ਤੇ ਉਪਲਬਧ ਕਰਾਈ ਗਈ ਰਹਿਤ ਮਰਿਯਾਦਾ ਅਧਿਕ੍ਰਿਤ ਰਹਿਤ ਮਰਿਯਾਦਾ ਹੈ, ਜਿਸਦਾ ਕਿ ਅੰਗ੍ਰੇਜ਼ੀ ਉਲਥਾ ਵੀ ਨਾਲ ਹੀ ਹੈ।
ਕੀ ਸਿੱਖਾਂ ਨੂੰ ਮਾਸ ਖਾਣ ਦੀ ਇਜਾਜ਼ਤ ਹੈ ?
ਹਾਂ। ਸਿੱਖ ਹੇਠ ਲਿਖੇ ਦੋ ਤਰ੍ਹਾਂ ਦੇ ਹਾਲਾਤਾਂ ਨੂੰ ਛੱਡ ਕੇ, ਕਿਸੇ ਵੀ ਤਰ੍ਹਾਂ ਦਾ ਮਾਸ ਕਿਸੇ ਵੀ ਸਮੇਂ ਖਾ ਸਕਦੇ ਹਨ।
1. ਕੁੱਠੇ ਮਾਸ ਦੀ ਮਨ੍ਹਾਹੀ ਹੈ। ਕੁੱਠਾ ਮਾਸ ਖਾਸ ਕਰਕੇ ਮੁਸਲਮਾਨੀ ਕਰਮ-ਕਾਂਡਾਂ ਦੁਆਰਾ ਤਿਆਰ ਕੀਤਾ ਗਿਆ ਮਾਸ ਹੈ। ਇਨ੍ਹਾਂ ਕਰਮ-ਕਾਂਡਾਂ ਵਿਚ ਜਾਨਵਰ ਨੂੰ ਇਕ ਖਾਸ ਦਿਸ਼ਾ ਵਿਚ ਖੜ੍ਹਾ ਕਰਕੇ, ਕਲਮਾ (ਮੁਸਲਮਾਨੀ ਪ੍ਰਾਥਨਾ) ਪੜ੍ਹ ਕੇ ਜਾਨਵਰ ਦੇ ਗਲੇ ਨੂੰ ਥੋੜਾ ਜਿਹਾ ਚੀਰ ਕੇ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਹੌਲੀ-ਹੌਲੀ ਉਸਦਾ ਖੂਨ ਵਗ ਕੇ ਉਸਦੀ ਮੌਤ ਹੋ ਜਾਂਦੀ ਹੈ। ਸਿੱਖਾਂ ਨੂੰ ਇਹ ਮਾਸ ਖਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਬਣੇ ਕੁੱਠੇ ਮਾਸ ਨੂੰ ਖਾਣਾ ਕੁਝ ਲੋਕਾਂ ਦੀ ਨਜ਼ਰ ਵਿਚ ਇਸਲਾਮ ਕਬੂਲ ਕਰਨਾ (ਮੁਸਲਮਾਨ ਬਣਨਾ) ਹੈ। ਸਿੱਖਾਂ ਨੂੰ ਕਿਸੇ ਵੀ ਦੂਜੇ ਧਰਮ ਦੀ ਪ੍ਰਾਥਨਾ ਜਾਂ ਕਰਮ-ਕਾਂਡਾਂ ਅਨੁਸਾਰ ਬਣਾਏ ਕਿਸੇ ਵੀ ਤਰ੍ਹਾਂ ਦੇ ਭੋਜਨ ਖਾਣ ਦੀ ਇਜਾਜ਼ਤ ਨਹੀਂ ਹੈ, ਤਾਂਕਿ ਇਹ ਸਵਾਲ ਕਦੇ ਵੀ ਪੈਦਾ ਨਾ ਹੋਏ ਕਿ ਸਿੱਖ ਆਪਣਾ ਵਿਲੱਖਣ ਧਰਮ ਨਹੀਂ ਨਿਭਾ ਰਹੇ।
2. ਲੰਗਰ ਵਿਚ ਕਿਸੇ ਵੀ ਤਰ੍ਹਾਂ ਦੇ ਮਾਸ ਦੇ ਸਖਤ ਮਨਾਹੀ ਹੈ। ਇਹ ਮਨਾਹੀ ਇਸ ਲਈ ਹੈ ਕਿਉਂਕਿ ਮਾਸ ਨੂੰ ਤਿਆਰ ਕਰਨ ਦੇ ਕਈ ਧਰਮਾਂ ਦੇ ਆਪਣੇ ਹੀ ਢੰਗ ਹਨ, ਜਾਂ ਕਈ ਇਸ ਨੂੰ ਖਾਣ ਦੀ ਬਿਲਕੁਲ ਹੀ ਇਜਾਜ਼ਤ ਨਹੀਂ ਦਿੰਦੇ। ਕਈ ਲੋਕ ਤਾਂ ਬਿਲਕੁਲ ਹੀ ਸ਼ਾਕਾਹਾਰੀ ਹੁੰਦੇ ਹਨ। ਮੁਸਲਮਾਨ ‘ਹਲਾਲ ਮਾਸ’ ਤਾਂ ਖਾਂਦੇ ਹਨ, ਪਰ ਸੂਰ ਦਾ ਮਾਸ ਨਹੀਂ ਖਾ ਸਕਦੇ। ਜ਼ਿਆਦਾਤਰ ਅਜੋਕੇ ਹਿੰਦੂ ਗਾਂ, ਮੱਝ ਜਾਂ ਬੈਲ ਦਾ ਮਾਸ ਨਹੀਂ ਖਾਂਦੇ। ਯਹੂਦੀਆਂ ਅਤੇ ਇਸਾਈਆਂ ਦੀਆਂ ਆਪਣੀਆਂ ਹੀ ਪਾਬੰਦੀਆਂ ਹਨ ਕਿ ਕਿਹੜਾ ਮਾਸ ਕਿਹੜੇ ਦਿਨ ਖਾਇਆ ਜਾ ਸਕਦਾ ਹੈ। ਭਾਵੇਂ ਸਿੱਖਾਂ ਦੇ ਇਸ ਤਰ੍ਹਾਂ ਦੇ ਕੋਈ ਵੀ ਅਸੂਲ ਨਹੀਂ ਹਨ, ਲੰਗਰ ਸਿਰਫ ਸਿੱਖਾਂ ਲਈ ਹੀ ਨਹੀਂ ਹੈ, ਬਲਕਿ ਹਰ ਧਰਮ ਦੇ ਲੋਕਾਂ ਲਈ ਹੈ। ਕੋਈ ਖਾਸ ਤਰ੍ਹਾਂ ਦਾ ਮਾਸ ਜਾਂ ਕਿਸੇ ਖਾਸ ਤਰੀਕੇ ਨਾਲ ਤਿਆਰ ਕੀਤਾ ਮਾਸ ਕੁਝ ਸੀਮਿਤ ਲੋਕਾਂ ਲਈ ਢੁਕਵਾਂ ਤਾਂ ਹੋ ਸਕਦਾ ਹੈ, ਪਰ ਪੂਰੇ ਸਮਾਜ ਲਈ ਨਹੀਂ। ਇਸ ਕਰਕੇ ਸੰਗਤ ਵਿਚ ਸ਼ਾਮਿਲ ਕਈ ਲੋਕ ਲੰਗਰ ਨਹੀਂ ਖਾ ਸਕਣਗੇ, ਜੇ ਉੱਥੇ ਮਾਸ ਵਰਤਾਇਆ ਜਾਂਦਾ ਹੋਵੇ। ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਨੇਕਾਂ ਭਾਰਤੀ ਗੁਰਦੁਆਰਿਆਂ ਵਿਚ ਲੰਗਰ ਛਕਣ ਵਾਲਿਆਂ ਦੀ ਬਹੁ-ਗਿਣਤੀ ਗੈਰ-ਸਿੱਖਾਂ ਦੀ ਹੁੰਦੀ ਹੈ, ਜਿਨ੍ਹਾਂ ਵਿਚ ਸੈਲਾਨੀ ਅਤੇ ਗਰੀਬ ਲੋਕ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਨੂੰ ਕਿ ਸਿਰਫ ਭੋਜਨ ਚਾਹੀਦਾ ਹੁੰਦਾ ਹੈ। ਹਰੇਕ ਦਿਨ ਹਰੇਕ ਤਰ੍ਹਾਂ ਦੀ ਸੰਗਤ ਲਈ ਸਿਰਫ ਸ਼ਾਕਾਹਾਰੀ ਲੰਗਰ ਦੀ ਇਜਾਜ਼ਤ ਹੁੰਦੀ ਹੈ। ਕਿਉਂਕਿ ਕੁਝ ਲੋਕਾਂ ਦੁਆਰਾ ਆਂਡੇ ਅਤੇ ਮੱਛੀ ਨੂੰ ਵੀ ਮਾਸ ਮੰਨਿਆ ਜਾਂਦਾ ਹੈ, ਇਸ ਲਈ ਆਂਡੇ ਅਤੇ ਮੱਛੀ ਦੀ ਵੀ ਲੰਗਰ ਵਿਚ ਇਜਾਜ਼ਤ ਨਹੀਂ ਹੁੰਦੀ। ਸਾਰਿਆਂ ਨੂੰ ਬਿਨਾ ਕਿਸੇ ਭੇਦ-ਭਾਵ ਜਾਂ ਕਿਸੇ ਪ੍ਰਤੀ ਆਭਾਰ (ਕ੍ਰਿਤਾਰਥ) ਤੋਂ ਲੰਗਰ ਛਕਾਇਆ ਜਾਂਦਾ ਹੈ। ਸਭ ਨੂੰ ਇਕ-ਸਮਾਨ ਵਰਤਾਰਾ ਕੀਤਾ ਜਾਂਦਾ ਹੈ। ਸੰਗਤ ਜਾਂ ਕਿਸੇ ਸੰਸਥਾ ਦੇ ਖਾਸ ਲੋਕਾਂ ਲਈ ਖਾਸ ਭੋਜਨ ਵੱਖ ਨਹੀਂ ਰੱਖਿਆ ਜਾ ਸਕਦਾ, ਇਸ ਲਈ ਇਹ ਸੰਭਵ ਨਹੀਂ ਹੈ ਕਿ ਕੁਝ ਨੂੰ ਮਾਸ ਵਰਤਾਇਆ ਜਾਵੇ ਤੇ ਦੂਜਿਆਂ ਨੂੰ ਨਹੀਂ (ਇਸ ਨਾਲ ਲੰਗਰ ਵਿਚ ਭੋਜਨ ਦੇ ਵਰਤਾਰੇ ਵਿਚ ਵੱਡੀ ਪੱਧਰ ’ਤੇ ਕਮੀਆਂ ਵੀ ਪੈਦਾ ਹੋ ਜਾਣਗੀਆਂ)। ਇਸ ਤਰ੍ਹਾਂ, ਲੰਗਰ ਵਿਚ ਮਾਸ ਦੀ ਮਨਾਹੀ ਨੂੰ ਇਸ ਦਾਅਵੇ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਕਿ ਸਿੱਖਾਂ ਨੂੰ ਮਾਸ ਖਾਣ ਦੀ ਖਾਸ ਕਰਕੇ ਮਨਾਹੀ ਹੈ।
ਕੀ ਸਿੱਖ ਰਹਿਤ ਮਰਿਯਾਦਾ ਅਟੱਲ ਹੈ ?
ਨਹੀਂ। ਅਜੋਕੇ ਬਾਕੀ ਦੇ ਕਾਨੂੰਨਾਂ ਵਾਂਗੂੰ ਇਸ ਵਿਚ ਵੀ ਹਮੇਸ਼ਾਂ ਸੁਧਾਰ ਅਤੇ ਭਵਿੱਖ ਵਿਚ ਸੰਸ਼ੋਧਨ ਲਈ ਥਾਂ ਰਹੇਗੀ । ਫਿਰ ਵੀ, ਅਧਿਕ੍ਰਿਤ ਸਿੱਖ ਰਹਿਤ ਮਰਿਯਾਦਾ ਇਕ ਸਥੂਲ ਦਸਤਾਵੇਜ਼ ਹੈ। ਅਸੀਂ ਇਸ ਦਾ ਪੂਰਣ-ਸਮਰਥਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਸੇ ਦਾ ਹੀ ਪ੍ਰਚਾਰ ਹੋਵੇਗਾ।
ਕੁਝ ਸਿੱਖ, ਸਿੱਖ ਰਹਿਤ ਮਰਿਯਾਦਾ ਦੇ ਇਸ ਕਿਤਾਬਚੇ ਵਿਚ ਕੁਝ ਬਦਲਾਅ/ਵਾਧਾ ਕਰਨਾ ਚਾਹੁੰਦੇ ਹਨ। ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਉਨ੍ਹਾਂ ਸਿੱਖਾਂ ਨੂੰ ਸੁਝਾਅ ਹੈ ਕਿ ਉਹ ਸਿੱਖ ਰਹਿਤ ਮਰਿਯਾਦਾ ਦੇ ਆਪਣੇ ਵਿਅਕਤੀਗਤ ਰੂਪਾਂਤਰ, ਜੋ ਕਿ ਅਧਿਕ੍ਰਿਤ ਸਿੱਖ ਰਹਿਤ ਮਰਿਯਾਦਾ ਦੀ ਮਹੱਤਤਾ ਅਤੇ ਵੈਧਤਾ ਨੂੰ ਠੇਸ ਹੀ ਪਹੁੰਚਾਉਣਗੇ, ਪ੍ਰਕਾਸ਼ਿਤ ਕਰਨ ਦੀ ਬਜਾਏ ਆਪਣੇ ਤੱਥ ਜਨਰਲ ਸਿੱਖ ਬੌਡੀ ਨੂੰ ਸਮੀਖਿਆ ਅਤੇ ਪਰਵਾਨਗੀ ਲਈ ਪੇਸ਼ ਕਰਨ (ਅਨੁਮਾਨ ਲਗਾਓ ਕਿ ਕੀ ਹੋਏਗਾ ਜੇ ਕਿਸੇ ਦੇਸ਼ ਦੇ ਸਰਕਾਰੀ ਸੰਵਿਧਾਨ ਨਾਲ ਅਸਹਿਮਤ ਹਰ ਨਾਗਰਿਕ ਸੰਵਿਧਾਨ ਦਾ ਆਪਣਾ-ਆਪਣਾ ਰੂਪਾਂਤਰ ਪ੍ਰਕਾਸ਼ਿਤ ਕਰਨ ਲਗ ਜਾਏ)। ਸਿੱਖਾਂ ਨੂੰ ਉਨ੍ਹਾਂ ਵਿਅਕਤੀਆਂ ਕੋਲੋਂ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਛੋਟੇ-ਛੋਟੇ ਮੁੱਦਿਆਂ ਨੂੰ ਆਪਣੇ ਨਿਜੀ ਰਾਜਨੀਤਕ ਲਾਭ ਲਈ ਪੰਥਕ ਏਕਤਾ ਨੂੰ ਭੰਗ ਕਰਨ ਲਈ ਇਸਤੇਮਾਲ ਕਰਦੇ ਹਨ।
This is a (Javascript/CSS) Fixed menu.