Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,ਹੋਰ ਪਨੇ Other Pages

Wednesday

ਰਹਿਤ ਮਰਯਾਦ ਛੇਵਾਂ ਖੰਡ

ਪੰਥਕ ਰਹਿਣੀ

1. ਗੁਰੂ ਪੰਥ

2. ਅੰਮ੍ਰਿਤ ਸੰਸਕਾਰ

3. ਤਨਖਾਹ ਲਾਉਣ ਦੀ ਵਿਧੀ

4. ਗੁਰਮਤਾ ਕਰਨ ਦੀ ਵਿਧੀ

5. ਸਥਾਨਕ ਫ਼ੈਸਲਿਆਂ ਦੀ ਅਪੀਲ

1.ਗੁਰੂ ਪੰਥ

ਸੇਵਾ,ਕੇਵਲ ਪੱਖੇ ਲੰਗਰ ਆਦਿ 'ਤੇ ਹੀ ਨਹੀਂ ਮੁਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ,ਸਫਲ ਉਹ ਹੈ ਜੋ ਥੋੜ੍ਹੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ਪੰਥ ਹੈ। ਹਰ ਇਕ ਸਿੱਖ ਨੇ 'ਪੰਥ' ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।

ੳ) 'ਗੁਰੂ ਪੰਥ': ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ 'ਗੁਰੂ ਪੰਥ' ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਪੀ।

2.ਅੰਮ੍ਰਿਤ ਸੰਸਕਾਰ

ੳ) ਅੰਮ੍ਰਿਤ ਛਕਾਣ ਲਈ ਇਕ ਖਾਸ ਅਸਥਾਨ 'ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ।

ਅ) ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ 'ਚੋ' ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ।

ੲ) ਇਨ੍ਹਾਂ ਪੰਜਾਂ ਪਿਆਰਿਆਂ ਵਿਚ ਕੋਈ ਅੰਗ-ਹੀਣ (ਅੰਨ੍ਹਾਂ,ਕਾਣਾ,ਲੰਙਾ,ਲੂਲ੍ਹਾ ਜਾਂ ਦੀਰਘ ਰੋਗ ਵਾਲਾ) ਨਾ ਹੋਵੇ। ਕੋਈ ਤਨਖਾਹੀਆ ਨਾ ਹੋਵੇ। ਸਾਰੇ ਤਿਆਰ-ਬਰ-ਤਿਆਰ ਹੋਣ।

ਸ) ਹਰ ਦੇਸ਼,ਹਰ ਮਜ਼੍ਹਬ ਤੇ ਜਾਤੀ ਦੇ ਹਰ ਇਸਤ੍ਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ 'ਤੇ ਉਸ ਦੇ ਅਸੂਲਾਂ ਉਪਰ ਚੱਲਣ ਦਾ ਪ੍ਰਣ ਕਰੇ।

ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ, ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ ਅਤੇ ਹਰ ਇਕ ਪੰਜ ਕਕਾਰ (ਕੇਸ, ਕ੍ਰਿਪਾਨ ਗਾਤਰੇ ਵਾਲੀ, ਕਛਹਿਰਾ,ਕੰਘਾ,ਕੜਾ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਖੜ੍ਹੇ ਹੋਣ।

ਹ) ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿਚ ਪੰਜ ਪਿਆਰੇ ਤਨਖਾਹ ਲਾ ਲੈਣ।

ਕ) ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ 'ਚੋਂ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ-

ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸ਼ਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ,ਸਾਧ ਸੰਗਤ ਤੇ ਪੰਥ ਦੀ ਸੇਵਾ,ਉਪਕਾਰ,ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ-ਬਹਿਤ ਰੱਖਣਾ ਮੁੱਖ ਸਾਧਨ ਹਨ, ਆਦਿ, ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ?

ਖ) "ਹਾਂ" ਦਾ ਜਵਾਬ ਆਉਣ 'ਤੇ ਪਿਆਰਿਆਂ 'ਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ।

ਗ) ਬਾਟਾ ਸਰਬ-ਲੋਹ ਦਾ ਹੋਵੇ ਤੇ ਚੌਕੀ, ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ 'ਪੁਰ ਰਖਿਆ ਹੋਵੇ।

ਘ) ਬਾਟੇ ਵਿਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਬੀਰ ਆਸਨ ਹੋ ਕੇ ਬੈਠ ਜਾਣ।

ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ:-

ਜਪੁ,ਜਾਪੁ,10 ਸਵੱਯੇ ('ਸ੍ਰਾਵਗ ਸੁਧ' ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੇ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੇਹੁ ਬਚਾਈ' ਤਕ), ਅਨੰਦ ਸਾਹਿਬ।

ਚ) ਹਰ ਇਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ 'ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ 'ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।

ਛ) ਪਾਠ ਹੋਣ ਮਗਰੋਂ ਪਿਆਰਿਆਂ ਵਿਚੋਂ ਕੋਈ ਇਕ ਅਰਦਾਸ ਕਰੇ।

ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ 'ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ।

ਝ) ਹੁਣ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ-ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੁਲੇ ਨਾਲ ਇਹ ਕਿਹਾ ਜਾਵੇ:-

ਬੋਲ'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।' ਛਕਣ ਵਾਲਾ ਛਕ ਕੇ ਕਹੇ:' ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ।'ਫੇਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ 'ਪਰ ਲਾਏ ਜਾਣ। ਫੇਰ ਪੰਜ ਛੱਟੇ ਕੇਸਾਂ ਵਿਚ ਪਾਏ ਜਾਣ।ਹਰ ਇੱਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ ਪਿੱਛੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ।'ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ, ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ (ਸਿੱਖ ਤੇ ਸਿੱਖਣੀਆਂ) ਰਲ ਕੇ ਛਕਣ।

ਞ) ਉਪ੍ਰੰਤ ਪੰਜੇ ਪਿਆਰੇ ਰਲ ਕੇ ਇਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ 'ਵਾਹਿਗੁਰੂ' ਦਾ ਨਾਮ ਦੱਸ ਕੇ ਮੂਲ ਮੰਤ੍ਰ ਸੁਨਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ:-

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਟ) ਫਿਰ ਪੰਜਾਂ ਪਿਆਰਿਆਂ 'ਚੋਂ ਕੋਈ ਸੱਜਣ ਰਹਿਤ ਦੱਸੇ-ਅੱਜ ਤੋਂ ਤੁਸੀਂ 'ਸਤਿਗੁਰ ਕੈ ਜਨਮੇ ਗਵਨ ਮਿਟਾਇਆ' ਹੈ ਅਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸ ਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੀ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤ-ਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜ਼ਾਤ-ਪਾਤ, ਜਨਮ,ਦੇਸ਼, ਮਜ੍ਹਬ ਦਾ ਖਿਆਲ ਤਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ।ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ,ਦੇਵਤੇ,ਅਵਤਾਰ,ਪੈਗੰਬਰ ਦੀ ੳਪਾਸ਼ਨਾ ਨਹੀਂ ਕਰਨੀ। ਦਸੋਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿਖ ਲਓ) ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ, ਜਾਂ ਸੁਣਨਾ: ਜਪੁ,ਜਾਪੁ,10 ਸਵੱਯੇ ('ਸ੍ਰਾਵਗ ਸੁਧ'ਵਾਲੇ), ਸੋ ਦਰੁ ਰਹਰਾਸਿ ਤੇ ਸੋਹਿਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ, ਪੰਜਾਂ ਕੱਕਿਆਂ-ਕੇਸ, ਕ੍ਰਿਪਾਨ,ਕਛਹਿਰਾ,ਕੰਘਾ, ਕੜਾ ਨੂੰ ਹਰ ਵੇਲੇ ਅੰਗ-ਸੰਗ ਰੱਖਣਾ।

ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ:-

1) ਕੇਸਾਂ ਦੀ ਬੇ-ਅਦਬੀ
2) ਕੁੱਠਾ ਖਾਣਾ।
3) ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
4) ਤਮਾਕੂ ਦਾ ਵਰਤਣਾ।

ਇਨ੍ਹਾਂ ਵਿਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ।

ਸਿਰਗੁੰਮ, ਨੜੀ ਮਾਰ(ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿਚ ਤਤਪਰ ਰਹਿਣਾ, ਆਪਣੀ ਕਮਾਈ ਵਿਚੋਂ ਗੁਰੂ ਕਾ ਦਸਵੰਧ ਦੇਣਾ ਆਦਿ ਸਾਰੇ ਕੰਮ ਗੁਰਮਿਤ ਅਨੁਸਾਰ ਕਰਨੇ।

ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿਚ ਇਕ ਸੂਤ ਪਰੋਏ ਰਹਿਣਾ, ਰਹਿਤ ਵਿਚ ਕੋਈ ਭੁਲ ਜੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।

ਠ) ਤਨਖਾਹੀਏ ਇਹ ਹਨ:-

1. ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।
2. ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
3. ਦਾਹੜਾ ਰੰਗਣ ਵਾਲਾ।
4. ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
5. ਕੋਈ ਨਸ਼ਾ(ਭੰਗ,ਅਫੀਮ,ਸ਼ਰਾਬ,ਪੋਸਤ,ਕੁਕੀਨ ਆਦਿ) ਵਰਤਣ ਵਾਲਾ।
6. ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
7. ਰਹਿਤ ਵਿਚ ਕੋਈ ਭੁੱਲ ਕਰਨ ਵਾਲਾ।

ਡ) ਇਹ ਸਿਖਿਆ ਦੇਣ ਤੋਂ ਉਪ੍ਰੰਤ ਪੰਜਾਂ ਪਿਆਰਿਆਂ ਵਿਚੋਂ ਕੋਈ ਸੱਜਣ ਅਰਦਾਸਾ ਕਰੇ।

ਢ) ਫਿਰ ਤਾਬਿਆ ਬੈਠਾ ਸਿੰਘ 'ਹੁਕਮ' ਲਵੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਹਨਾਂ ਵਿਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰਖਿਆ ਹੋਇਆ, ਉਸ ਦਾ ਨਾਮ ਹੁਣ ਬਦਲਾ ਕੇ ਰੱਖਿਆ ਜਾਵੇ।

ਣ) ਅੰਤ ਕੜਾਹ ਪ੍ਰਸ਼ਾਦਿ ਵਰਤੇ। ਜਹਾਜ਼ ਚੜ੍ਹੇ ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿਚੋਂ ਕੜਾਹ ਪ੍ਰਸ਼ਾਦਿ ਰਲ ਕੇ ਛਕਣ।

3. ਤਨਖਾਹ ਲਾਉਣ ਦੀ ਵਿਧੀ

ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜ੍ਹੋ ਕੇ ਆਪਣੀ ਭੁੱਲ ਮੰਨੇ।

ਅ) ਗੁਰ-ਸੰਗਤ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।

ੲ) ਸੰਗਤ ਨੂੰ ਬਖਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।

ਸ) ਅੰਤ ਸੋਧ ਦੀ ਅਰਦਾਸ ਹੋਵੇ।

4.ਗੁਰਮਤਾ ਕਰਨ ਦੀ ਵਿਧੀ

ੳ) ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਿਕ, ਵਿਦਿਅਕ, ਸਮਾਜਕ, ਪੁਲੀਟੀਕਲ) ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ।

ਅ) ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।

5. ਸਥਾਨਕ ਫੈਸਲਿਆਂ ਦੀ ਅਪੀਲ

ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ।


This is a (Javascript/CSS) Fixed menu.