ਗੁਰਮਿਤ ਦੀ ਰਹਿਣੀ
ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਿਤ ਅਨੁਸਾਰ ਹੋਵੇ। ਗੁਰਮਿਤ ਇਹ ਹੈ:-
ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
ਅ) ਆਪਣੀ, ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਞੂ,ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ,ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ।
ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
ਖ) ਸਿੱਖ ਲਈ ਗੁਰਮੁਖੀ ਦੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ।
ਗ) ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫ਼ਰਜ਼ ਹੈ।
ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ
ਸਾਬਤ ਰੱਖੇ।
ਙ) ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ।
ਚ) ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ, ਕੰਨ, ਛੇਦਨਾ ਮਨ੍ਹਾਂ ਹੈ।
ਛ) ਗੁਰੂ ਕਾ ਸਿੱਖ ਕੰਨਿਆਂ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ।
ਜ) ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰ ਕੇ ਨਿਰਬਾਹ ਕਰੇ।
ਝ) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ।
ਞ) ਚੋਰੀ ਯਾਰੀ ਨਾ ਕਰੇ, ਜੂਆ ਨ ਖੇਡੇ।
ਟ) ਪਰ ਬੇਟੀ ਕੋ ਬੇਟੀ ਜਾਨੈ।
ਪਰ ਇਸਤ੍ਰੀ ਕੋ ਮਾਤ ਬਖਾਨੈ।
ਅਪਨਿ ਇਸਤ੍ਰੀ ਸੋਂ ਰਤਿ ਹੋਈ।
ਰਹਿਤਵੰਤ ਸਿੰਘ ਹੈ ਸੋਈ।
ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ 'ਚ ਰਹੇ।
ਠ) ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ ਮਰਯਾਦਾ ਕਰੇ।
ਡ) ਸਿੱਖ, ਸਿੱਖ ਨੂੰ ਮਿਲਣ ਸਮੇਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਬੁਲਾਵੇ। ਮਰਦ ਇਸਤਰੀ ਦੋਹਾਂ ਲਈ
ਇਹੋ ਹੁਕਮ ਹੈ।
ਢ) ਸਿੱਖ ਇਸਤਰੀਆਂ ਲਈ ਪਰਦਾ ਜਾਂ ਘੁੰਡ ਕਰਨਾ ਉੱਚਿਤ ਨਹੀਂ।
ਣ) ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ
ਸਜਾਏ, ਦੋਵੇਂ ਠੀਕ ਹਨ।
ਜਨਮ ਤੇ ਨਾਮ-ਸੰਸਕਾਰ
ੳ) ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ (ਦਿਨਾਂ ਦੀ ਕੋਈ
ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦਿ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ 'ਪਰਮੇਸਰਿ ਦਿਤਾ ਬੰਨਾ' (ਸੋਰਠਿ ਮ: 5) 'ਸਤਿਗੁਰੂ ਸਾਚੈ ਦੀਆ ਭੇਜਿ' (ਆਸਾ ਮ:5) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ, ਉਪ੍ਰੰਤ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ। ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾਉਂ ਪਿੱਛੇ 'ਸਿੰਘ' ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ 'ਕੌਰ' ਸ਼ਬਦ ਲਗਾਇਆ ਜਾਵੇ। ਉਪ੍ਰੰਤ, ਅਨੰਦ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਅ) ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ:
"ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥"
ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮੱਤ ਹੈ।
ਅਨੰਦ ਸੰਸਕਾਰ
ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜ਼ਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।
ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
ੲ) ਸਿੱਖ ਦਾ ਵਿਆਹ 'ਅਨੰਦ' ਰੀਤੀ ਨਾਲ ਕਰਨਾ ਚਾਹੀਏ।
ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ।
ਹ) ਜਦ ਲੜਕੀ ਸ਼ਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ 'ਅਨੰਦ' ਪੜ੍ਹਾਇਆ ਜਾਵੇ।
ਕ) 'ਅਨੰਦ' ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂੁਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ, ਕੜਾ, ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
ਖ) 'ਅਨੰਦ'ਦਾ ਦਿਨ ਮੁਕਰੱਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮਤ ਹੈ।। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਏ
ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਡਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ।
ਘ) ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ 'ਫ਼ਤਹ' ਗਜਾਈ ਜਾਵੇ।
ਙ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲਗੇ। ਸੰਗਤ ਜਾਂ ਰਾਗੀ ਕੀਰਤਨ ਕਰਨ।ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈ ਕੇ 'ਅਨੰਦ' ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰ ਕੇ 'ਅਨੰਦ' ਦੇ ਅਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਿਤ ਅਨੁਸਾਰ ਗ੍ਰਹਿਸਤ ਧਰਮ ਦੇ ਫ਼ਰਜ਼ਾਂ ਦਾ ਉਪਦੇਸ਼ ਕਰੇ।ਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉਤੇ ਢਾਲਣ ਦੀ ਵਿਧੀ ਦੱਸੇ।ਆਪਸ ਵਿਚ ਪ੍ਰੇਮ ਦਵਾਰਾ "ਏਕ ਜੋਤਿ ਦੁਇ ਮੂਰਤੀ" ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਬਾਹੁੰਦੇ ਹੋਏ ਆਪਣੇ ਸਾਂਝੇ ਭਰਤਾ 'ਅਕਾਲ ਪੁਰਖ'ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਬਾਹੁਣ ਦਾ ਸਾਧਨ ਬਨਾਉਣਾ ਹੈ।ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ।ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵਖੋ-ਵਖਰੇ, ਗ੍ਰਹਿਸਤ ਧਰਮ ਦੇ ਫ਼ਰਜ਼ ਦੱਸੇ ਜਾਣ।ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿਚ ਇਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਏਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ।। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ-ਪਿਤਾ ਤੇ ਸੰਬੰਧੀਆਂ ਤੁੱਲ ਆਦਰ ਦੇਣਾ। ਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ।। ਇਨ੍ਹਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ।ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆਂ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਲਾ 4 ਵਿਚ ਦਿਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾਂ ਕਰਨ। ਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ। ਇਸਤਰੀ-ਬਰਤ ਧਰਮ ਵਿਚ ਪੱਕੇ ਰਹਿਣਾ ਆਪ ਇਨ੍ਹਾਂ ਦੇ 'ਨਿਰਮਲ ਭਉ' ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿਚ ਆਪਣੇ ਪਤੀ-ਬਰਤ ਧਰਮ ਵਿਚ ਪੱਕੇ ਰਹਿਣਾ, ਸੇਵਾ ਕਰਨੀ
ਚ) ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ।
ਛ) ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ।
ਜ) ਜੇ ਬਾਲਕੀ ਦੇ ਮਾਪੇ ਕਦਾਂਚ ਸੱਬਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ, ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ, ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿਚ ਖਾਂਦੇ ਰਹਿਣ, ਇਸੇ ਵਾਸਤੇ, ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹੈਨ।
ਝ) ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।
ਙ) ਪੁਨਰ ਵਿਆਹ ਦੀ ਵੀ ਇਹੋ ਰੀਤ ਹੈ, ਜੋ 'ਆਨੰਦ' ਲਈ ਉਤੇ ਦੱਸੀ ਹੈ।
ਟ) ਆਮ ਹਾਲਤਾਂ ਵਿਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ।
ਠ) ਅੰਮ੍ਰਿਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।
ਹੋਰ ਰੀਤੀਆਂ
ਇਨ੍ਹਾਂ ਸੰਸਕਾਰਾਂ ਤੋਂ ਛੁੱਟ ਸਮੇਂ ਸਮੇਂ ਜੋ ਭੀ ਖੁਸ਼ੀ ਗ਼ਮੀ ਦਾ ਮੌਕਾ ਆ ਬਣੇ (ਜਿਵੇਂ ਨਵੇਂ ਮਕਾਨ ਵਿਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਮਦਰੱਸੇ ਪਾਉਣਾ ਆਦਿ) ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾ ਸੋਧੇ। ਸਿੱਖੀ ਵਿਚ ਸਾਰੇ ਸੰਸਕਾਰਾਂ ਦਾ ਜ਼ਰੂੁਰੀ ਅੰਗ ਬਾਣੀ ਦਾ ਪਾਠ ਤੇ ਅਰਦਾਸਾ ਹੈ।