Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,ਹੋਰ ਪਨੇ Other Pages

Wednesday

ਰਹਿਤ ਮਰਯਾਦ ਤੀਜਾ ਖੰਡ

ਗੁਰਦੁਆਰੇ

ੳ) ਗੁਰਬਾਣੀ ਦਾ ਅਸਰ ਸਾਧ ਸੰਗਤ 'ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।

ਅ) ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ ਹੋਵੇ। ਬਿਨਾਂ ਖਾਸ ਕਾਰਨ ਦੇ (ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ) ਰਾਤ ਨੂੰ ਪ੍ਰਕਾਸ਼ ਨਾ ਰਹੇ। ਆਮ ਤੌਰ 'ਤੇ ਰਹਰਾਸਿ ਦੇ ਪਾਠ ਮਗਰੋਂ ਸੁੱਖ-ਆਸਨ ਕੀਤਾ ਜਾਵੇ। ਜਦ ਤਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤਕ ਪ੍ਰਕਾਸ਼ ਰਹੇ। ਉਪ੍ਰੰਤ ਸੁੱਖ-ਆਸਨ ਕਰ ਦੇਣਾ ਉਚਿਤ ਹੈ, ਤਾਂ ਜੋ ਬੇਅਦਬੀ ਨਾ ਹੋਵੇ।

ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂੁਰੀ ਹੈ ਕਿ ਸਥਾਨ ਸਾਫ-ਸੁਥਰਾ ਹੋਵੇ। ਉਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ ਸਾਹਿਬ 'ਤੇ ਸਾਫ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਦਾ ਹੈ।

ਸ) ਉਪਰ ਦੱਸੇ ਸਾਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ,ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ,ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।

ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ 'ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।

ਖ) ਇਕ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ 'ਤੇ ਸ੍ਰੀ ਗੁਰੂ ਗ੍ਰੰ੍ਰ੍ਰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ, ਤਾਂ ਭਰਮ ਨਹੀਂ ਕਰਨਾ।

ਗ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਸ਼ਬਦ ਦਾ ਵਾਕ ਲਿਆ ਜਾਵੇ।

ਘ) ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵਂੇ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ।

ਙ) ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ, ਜੇ ਪੈਰ ਮੇਲੇ ਜਾਂ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਏ।

ਚ) ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼,ਮਜ਼੍ਹਬ, ਜਾਤਿ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ,ਤਮਾਕੂ ਆਦਿ ਕੋਈ ਚੀਜ਼ ਨਹੀ ਹੋਣੀ ਚਾਹੀਦੀ।

ਛ) ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪ੍ਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ' ਬੁਲਾਈ ਜਾਵੇ।

ਜ) ਸੰਗਤ ਵਿਚ ਬੈਠਣ ਲਈ ਭੀ ਸਿੱਖ-ਅਸਿੱਖ ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।

ਝ) ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿਚ ਗਦੇਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।

ਞ) ਸੰਗਤ ਵਿਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਹੈ।

ਟ) ਤਖਤ ਪੰਜ ਹਨ:-

1) ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ।
2) ਤਖ਼ਤ ਸ੍ਰੀ ਪਟਨਾ ਸਾਹਿਬ।
3) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।
4) ਤਖ਼ਤ ਸ੍ਰੀ ਹਜ਼ੂਰ ਸਾਹਿਬ,ਨੰਦੇੜ।
5) ਤਖ਼ਤ ਸ੍ਰੀ ਦਮਦਮਾ ਸਾਹਿਬ(ਤਲਵੰਡੀ ਸਾਬ੍ਹੋ)

ਠ) ਤਖ਼ਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ)ਹੀ ਚੜ੍ਹ ਸਕਦੇ ਹਨ। (ਤਖ਼ਤਾਂ ਉਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇਕ ਪ੍ਰਾਣੀ ਮਾਤਰ, ਸਿੱਖ ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ।)

ਡ) ਹਰ ਇਕ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।

ਢ) ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ।

ਕੀਰਤਨ

ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।

ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਨ ਕਰਨ ਨੂੰ ਕਹਿੰਦੇ ਹਨ

ੲ) ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।

ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।

ਹੁਕਮ ਲੈਣਾ

ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ-ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ 'ਦਰਸ਼ਨ' ਹਨ। ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮੱਤ ਹੈ।

ਅ) ਸੰਗਤ ਵਿੱਚ ਇਕ ਵਕਤ ਇਕੋ ਗੱਲ ਹੋਣੀ ਚਾਹੀਏ-ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ।

ੲ) ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।

ਸ) ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰ ਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਭੀ ਕਰ ਸਕਦਾ ਹੈ।

ਹ) 'ਹੁਕਮ' ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜਨ੍ਹਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜਨ੍ਹਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜਨ੍ਹੀ ਚਾਹੀਏ। ਸ਼ਬਦ ਦੇ ਅੰਤ ਵਿਚ ਜਿਥੇ 'ਨਾਨਕ' ਨਾਮ ਆ ਜਾਵੇ, ਉਸ ਤੁਕ 'ਤੇ ਭੋਗ ਪਾਇਆ ਜਾਵੇ।

ਕ) ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ।

ਸਾਧਾਰਨ ਪਾਠ

ੳ) ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।

ਅ) ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।

ੲ) ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 'ਹੁਕਮ' ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਫਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।

ਸ) ਚੰਗਾ ਤਾਂ ਇਹ ਹੈ ਕਿ ਹਰ ਇਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਸਕੇ) ਭੋਗ ਪਾਵੇ।

ਹ) ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ(ਪਹਿਲੀਆਂ ਪੰਜ ਪਉੜੀਆਂ ਤੇ ਇਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰ ਕੇ ਹੁਕਮ ਲੈਣਾ ਚਾਹੀਏ। ਫੇਰ ਜਪੁਜੀ ਸਾਹਿਬ ਦਾ ਪਾਠ ਕਰਨਾ ਚਾਹੀਏ।

ਅਖੰਡ ਪਾਠ

ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ।

ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ।ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ।
ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।

ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।

ਸਾਧਾਰਨ ਪਾਠ / ਅਖੰਡ ਪਾਠ ਦਾ ਅਰੰਭ

ਸਾਧਾਰਨ ਪਾਠ ਦੇ ਅਰੰਭ ਵੇਲੇ ਪ੍ਰਸ਼ਾਦਿ ਲਿਆ ਕੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸ ਮਗਰੋਂ 'ਹੁਕਮ' ਲਿਆ ਜਾਵੇ। ਅਖੰਡ ਪਾਠ ਵੇਲੇ ਕੜਾਹ ਪ੍ਰਸ਼ਾਦਿ ਹੋਵੇ, ਫੇਰ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਨ ਮਗਰੋਂ ਅਰਦਾਸ ਕਰ ਕੇ 'ਹੁਕਮ' ਲੈ ਕੇ ਪਾਠ ਦਾ ਆਰੰਭ ਕੀਤਾ ਜਾਵੇ।

ਭੋਗ

ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।

ਅ) ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ,ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ 'ਅਰਦਾਸ' ਕਰਾਈ ਜਾਵੇ।

ਕੜਾਹ ਪ੍ਰਸ਼ਾਦਿ

ੳ) ਕੜਾਹ ਪ੍ਰਸ਼ਾਦਿ ਜੋ ਵਿਧੀ ਅਨੁਸਾਰ ਤਿਆਰ ਕਰ ਕੇ ਜਾਂ ਕਰਾ ਕੇ ਲਿਆਂਦਾ ਜਾਵੇ, ਸੰਗਤ ਵਿਚ ਪ੍ਰਵਾਨ ਹੋਵੇਗਾ।

ਅ) ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ 'ਚ ਤ੍ਰਿਭਾਵਲੀ (ਆਟਾ,ਉਤਮ ਮਿੱਠਾ ਤੇ ਘੀ ਇਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਕੀਤਾ ਜਾਵੇ। ਫਿਰ ਸੁਅੱਛ ਬਸਤਰ ਨਾਲ ਢੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੁਅੱਛ ਚੌਂਕੀ ਉੱਪਰ ਰਖਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਅਵਾਜ 'ਚ ਸੁਣਾ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ ਦਾ ਪਾਠ ਕੀਤਾ ਜਾਵੇ ਅਤੇ ਅਰਦਾਸਾ ਸੋਧਿਆ ਜਾਵੇ ਤੇ ਪਰਵਾਨਗੀ ਲਈ ਕਿਰਪਾਨ ਭੇਟ ਹੋਵੇ।

ੲ) ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦਿ ਵਿਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਉਪ੍ਰੰਤ ਸੰਗਤ ਵਿਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆ ਬੈਠੇ ਸਿੰਘਾਂ ਨੂੰ ਕਟੋਰੇ ਜਾਂ ਕੌਲ ਵਿਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ। ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ।ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤ ਵਿਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।

ਸ) ਕੜਾਹ ਪ੍ਰਸ਼ਾਦਿ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇਕ ਟਕਾ ਨਕਦ ਅਰਦਾਸ ਭੀ ਹੋਵੇ।

ਗੁਰਬਾਣੀ ਦੀ ਕਥਾ

ੳ) ਸੰਗਤ ਵਿਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।

ਅ) ਕਥਾ ਦਾ ਮਨੋਰਥ ਗੁਰਮਿਤ ਦ੍ਰਿੜ੍ਹਾਉਣਾ ਹੀ ਹੋਵੇ।

ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿਖਿਆ ਦਾ ਲਿਆ ਜਾ ਸਕਦਾ ਹੈ।

ਸ) ਵਖਿਆਨ-ਗੁਰਦੁਆਰੇ ਵਿਚ ਗੁਰਮਿਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।

ਹ) ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ:-

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ।


This is a (Javascript/CSS) Fixed menu.