ਉੱਤਰੀ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ 1979 ਵਿਚ ਸਿੱਖ ਕਾਊਂਸਲ ਦੀ ਸਥਾਪਨਾ ਕੀਤੀ। ਇਸ ਦਾ ਮੰਤਵ ਇਹ ਸੀ ਕਿ ਦੁਨੀਆਂ ਨੂੰ ਦੱਸਿਆ ਜਾਵੇ ਕਿ ਸਿੱਖ ਧਰਮ ਦੇ ਸਿਧਾਂਤ ਕਿਸੇ ਵੀ ਦੇਸ਼ ਦੇ ਕਿਸੇ ਵੀ ਪਿਛੋਕੜ ਦੇ ਵਿਅਕਤੀ ਦੁਆਰਾ ਗ੍ਰਹਿਣ ਕਰਨ ਲਈ ਕਿਵੇਂ ਢੁਕਵੇਂ ਹਨ। ਇਸ ਸਰਵ-ਸਾਂਝੇ ਅਤੇ ਵਿਸ਼ਵ-ਭਾਈਚਾਰੇ ਦੇ ਸੰਦੇਸ਼ ਦੇ ਪਸਾਰ ਦੀ ਕਾਮਨਾ ਹੀ ਇਸ ਲੇਖ ਦੀ ਉੱਤਪਤੀ ਦਾ ਕਾਰਣ ਹੈ।
ਅੱਜ ਸਿੱਖਾਂ ਦੀ ਪਛਾਣ ਇਕ ਬਹਾਦਰ ਅਤੇ ਨਿਡਰ ਸੰਤ-ਸਿਪਾਹੀਆਂ ਦੇ ਤੌਰ ਤੇ ਹੈ, ਜੋ ਕਿ ਹਮਲਾ ਕਰਨ ਦੀ ਬਜਾਏ ਕਮਜ਼ੋਰਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ। ਸਿੱਖ ਦੁਨੀਆਂ ਦੇ ਕਈ ਮਸ਼ਹੂਰ ਅਤੇ ਨਿਪੁੰਨ ਖਿਡਾਰੀ, ਵਿਗਿਆਨੀ, ਉਦਯੋਗਪਤੀ, ਰਾਜਨੀਤਕ ਆਗੂ, ਫੌਜੀ ਅਤੇ ਸੰਤ (ਧਰਮਾਤਮਾ) ਬਣ ਚੁੱਕੇ ਹਨ। ਸਿੱਖਾਂ ਦੇ ਮਹਾਨ ਵਿਰਸੇ ਨੂੰ ਜਾਣ ਕੇ ਜਿੱਥੇ ਸਿੱਖਾਂ ਵਿਚ ਆਪਣੀ ਪਛਾਣ ਉੱਤੇ ਮਾਣ ਕਰਨ ਦੀ ਭਾਵਨਾ ਆਏਗੀ, ਉੱਥੇ ਗੈਰ-ਸਿੱਖਾਂ ਨੂੰ ਵੀ ਉਨ੍ਹਾਂ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਨੂੰ ਸਮਝ ਕੇ ਪ੍ਰਰਣਾ ਲੈਣ ਵਿਚ ਮਦਦ ਮਿਲੇਗੀ।
