ਸਿੱਖ ਰਵਾਇਤਾਂ ਅਨੁਸਾਰ, ਸਾਖੀਆਂ ਬਹਾਦਰੀ ਅਤੇ ਸਨਮਾਨ ਦੀਆਂ ਉਹ ਕਹਾਣੀਆਂ ਹਨ ਜਿਨ੍ਹਾਂ ਦਾ ਮੰਤਵ ਸਰੋਤਿਆਂ ਨੂੰ ਪ੍ਰੇਰਨਾ ਅਤੇ ਨੈਤਿਕ ਸਿੱਖਿਆ ਦੇਣਾ ਹੁੰਦਾ ਹੈ। ਸ਼ੁਰੂਆਤੀ ਦੌਰ ਵਿਚ ਇਹ ਸਾਖੀਆਂ ਅਸਲ ਸਿੱਖ ਇਤਿਹਾਸ ’ਤੇ ਆਧਾਰਿਤ ਹੁੰਦੀਆਂ ਸਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਵਿਰਸੇ ਦਾ ਗਿਆਨ ਦੇਣ ਲਈ ਸੁਣਾਈਆਂ ਜਾਂਦੀਆਂ ਸਨ। ਪਰ ਸਮਾਂ ਬੀਤਣ ਦੇ ਨਾਲ, ਸਾਖੀਆਂ ਸੁਣਾਉਣ ਦਾ ਮਿਆਰ ਗਿਆਨ ਦੇਣ ਦੀ ਬਜਾਏ ਮਨੋਰੰਜਨ ਕਰਨ ਵਾਲੀਆਂ ਕਾਲਪਨਿਕ ਕਹਾਣੀਆਂ ਤਕ ਡਿਗ ਗਿਆ। ਨਤੀਜੇ ਵਜੋਂ, ਤੱਥ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਲੱਗੇ, ਅਤੇ ਕਈ ਵਾਰੀ ਤਾਂ ਸਾਖੀ ਵਿਚਲਾ ਸਿੱਖੀ ਦਾ ਮੁੱਢਲਾ ਸੰਦੇਸ਼ ਹੀ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ।
ਨਾਲ ਹੀ, ਕਈ ਇਸਾਈ ਅਤੇ ਹਿੰਦੂ ਸੰਸਥਾਵਾਂ, ਜੋ ਸਿੱਖਾਂ ਦਾ ਧਰਮ-ਪਰਿਵਰਤਨ ਕਰਕੇ ਉਨ੍ਹਾਂ ਨੂੰ ਆਪਣੇ-ਆਪਣੇ ਧਰਮ ਵਿਚ ਮਿਲਾਉਣਾ ਚਾਹੁੰਦੀਆਂ ਸਨ, ਜਾਣ-ਬੁਝ ਕੇ ਸਿੱਖ ਸਾਖੀਆਂ ਵਿਚ ਇਸਾਈ ਅਤੇ ਹਿੰਦੂ-ਮੱਤ ਦੇ ਮਿਥਿਹਾਸ ਮਿਲਾਉਣੇ ਸ਼ੁਰੂ ਕਰ ਦਿੱਤੇ। ਇਤਿਹਾਸਕ ਦਸਤਾਵੇਜ਼ ਇਹ ਸਿੱਧ ਕਰਦੇ ਹਨ ਕਿ ਜਦੋਂ ਭਾਰਤ ਵਿਚ ਅੰਗਰੇਜ਼ੀ ਹਕੂਮਤ ਸੀ, ਤਾਂ ਅੰਗਰੇਜ਼ਾਂ ਨੇ ਸਾਖੀਆਂ ਨੂੰ ਆਪਣੇ ਰਾਜਨੀਤਿਕ ਲਾਭ ਦੇ ਮੰਤਵ ਲਈ ਵਰਤਿਆ। ਇਸੇ ਤਰ੍ਹਾਂ, ਮੌਜੂਦਾ ਪ੍ਰਚਲਿਤ ਕਈ ਸਾਖੀਆਂ ਵਿਚ, ਸਿੱਖੀ ਦੇ ਮੂਲ ਸਿਧਾਂਤਾਂ ਨੂੰ ਬਿਲਕੁਲ ਭੁਲਾ ਕੇ, ਜਾਂ ਕਈਆਂ ਵਿਚ ਸਿੱਖੀ ਦੇ ਵਿਰੁੱਧ ਜਾ ਕੇ, ਸਿਰਫ ਹਿੰਦੂ ਮਿਥਹਾਸ ਨੂੰ ਦੁਹਰਾਇਆ ਗਿਆ ਹੈ। ਇਤਿਹਾਸਿਕ ਤੱਥਾਂ ‘ਤੇ ਭਰੋਸਾ ਕਰ ਕੇ ਜ਼ਿਆਦਾਤਰ ਸਾਖੀਆਂ ਵਿਚ ਸਮੇਂ-ਸਮੇਂ ਕੀਤੀਆਂ ਗਈਆਂ ਤਬਦੀਲੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ।
ਸਿੱਖਇਜ਼ਮ.ਕੌਮ ਦੇ ਇਸ ਭਾਗ ਵਿਚ ਸਾਖੀਆਂ ਨੂੰ ਉਨ੍ਹਾਂ ਦੇ ਮੁੱਢਲੇ ਅਸਲ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਹਰ ਸਾਖੀ ਦੇ ਮੁਨਾਸਬ ਸੰਦੇਸ਼ ਨੂੰ ਉਜਾਗਰ ਕੀਤਾ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਆਪ ਜੀ ਮਹਾਨ ਗੁਰਸਿੱਖਾਂ ਦੀਆਂ ਇਨ੍ਹਾਂ ਚੋਣਵੀਆਂ ਅਸਲ-ਜੀਵਨ ਦੀਆਂ ਕਹਾਣੀਆਂ ਤੋਂ ਪ੍ਰੇਰਨਾ ਪ੍ਰਾਪਤ ਕਰੋਗੇ।